ਖੰਨਾ, 11 ਸਤੰਬਰ (ਰਾਜਵਿੰਦਰ ਰਾਜੂ) : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਖੰਨਾ ਦੇ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿਖੇ 12 ਤੋਂ 14 ਸਤੰਬਰ, 2026 ਤੱਕ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਐਸਡੀਐਮ ਸਵਾਤੀ ਟਿਵਾਣਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਖੇਡ ਸੰਗਠਨਾਂ, ਕਾਲਜਾਂ ਅਤੇ ਸਕੂਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਐਸ.ਡੀ.ਐਮ ਸਵਾਤੀ ਟਿਵਾਣਾ ਨੇ ਦੱਸਿਆ ਕਿ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿਖੇ 12 ਤੋਂ 14 ਸਤੰਬਰ, 2026 ਤੱਕ ਅੱਠ ਖੇਡਾਂ ਜਿਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋਹ-ਖੋਹ, ਮੈਨ ਟੈਨਿਸ ਬਾਲ ਕ੍ਰਿਕਟ, ਵਾਲੀਬਾਲ ਸਮੈਸ਼ਿੰਗ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21–30, 31–40, 41–50, 51–60, 61–70 ਅਤੇ 70 ਸਾਲ ਤੋਂ ਵੱਧ ਉਮਰ ਵਰਗ ਸ਼ਾਮਲ ਹਨ। ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਖੇਡ ਵਿਭਾਗ ਨਾਲ ਨਜ਼ਦੀਕੀ ਤਾਲਮੇਲ ਕਰਕੇ ਕੰਮ ਕਰਨ ਅਤੇ ਵਿਦਿਆਰਥੀਆਂ, ਖਿਡਾਰੀਆਂ, ਕਲੱਬਾਂ, ਟੀਮਾਂ ਅਤੇ ਹੋਰ ਯੋਗ ਭਾਗੀਦਾਰਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਕੂਲ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਯੁਵਾ ਸੇਵਾਵਾਂ ਵਿਭਾਗਾਂ ਨੂੰ ਖਿਡਾਰੀਆਂ ਅਤੇ ਟੀਮਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਵਿੱਚ ਸਹੂਲਤ ਦੇਣ ਦੀ ਅਪੀਲ ਕੀਤੀ। ਸਵਾਤੀ ਟਿਵਾਣਾ ਨੇ ਦੱਸਿਆ ਕਿ ਯੋਗ ਭਾਗੀਦਾਰ ਪੰਜਾਬ ਖੇਡ ਵਿਭਾਗ ਦੇ ਪੋਰਟਲ https://sports.punjab.gov.in ’ਤੇ ਜਾ ਕੇ ਆਨਲਾਈਨ ਸਵੈ-ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਚਾਰ ਸਮੱਗਰੀ ਅਤੇ ਪੋਸਟਰਾਂ ’ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਵੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਨੇ ਸਾਰੇ ਨੌਜਵਾਨਾਂ ਅਤੇ ਯੋਗ ਭਾਗੀਦਾਰਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਨ ਅਤੇ ਖੇਡ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ, ਵਿਦਿਅਕ ਸੰਸਥਾਵਾਂ, ਖੇਡ ਕਲੱਬਾਂ ਅਤੇ ਯੁਵਾ ਸੰਗਠਨਾਂ ਦੇ ਸਾਂਝੇ ਯਤਨਾਂ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026’ ਨੂੰ ਇੱਕ ਵਿਸ਼ਾਲ ਖੇਡ ਲਹਿਰ ਬਣਾਇਆ ਜਾ ਸਕਦਾ ਹੈ।