ਪੰਜਾਬ 'ਚ ਏਡਜ਼ ਸਬੰਧੀ ਜਾਗਰੂਕਤਾ ਮੁਹਿੰਮ

ਸਿਹਤ ਮੰਤਰੀ ਨੇ ਪੰਜਾਬ 'ਚ ਇੰਟੈਂਸੀਫਾਈਡ ਆਈ.ਈ.ਸੀ. ਮੁਹਿੰਮ ਦੀ ਕੀਤੀ ਸ਼ੁਰੂਆਤ

ਪੰਜਾਬ ਵਿੱਚ ਐਚ.ਆਈ.ਵੀ./ਏਡਜ਼ ਜਾਗਰੂਕਤਾ ਮੁਹਿੰਮ ਦੌਰਾਨ ਪਟਿਆਲਾ ਵਿਖੇ ਇੱਕ ਰਾਜ ਪੱਧਰੀ ਸਮਾਗਮ ਕਰਾਇਆ ਗਿਆ।

By : True Update , Harmanjot Singh
ਸਿਹਤ ਮੰਤਰੀ ਨੇ ਪੰਜਾਬ 'ਚ ਇੰਟੈਂਸੀਫਾਈਡ ਆਈ.ਈ.ਸੀ. ਮੁਹਿੰਮ ਦੀ ਕੀਤੀ ਸ਼ੁਰੂਆਤ

ਪਟਿਆਲਾ, 13 ਅਗਸਤ (ਹਿੰ.ਸ.)  ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਇੰਟੈਂਸੀਫਾਈਡ ਆਈ.ਈ.ਸੀ. ਮੁਹਿੰਮ 3.0 ਦੇ ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਹ ਮੁਹਿੰਮ 12 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ, ਇਸ ਦਾ ਉਦੇਸ਼ ਐੱਚ.ਆਈ.ਵੀ./ਏਡਜ਼ ਪ੍ਰਤੀ ਜਾਗਰੂਕਤਾ ਵਧਾਉਣਾ, ਸਮੇਂ ਸਿਰ ਜਾਂਚ ਤੇ ਇਲਾਜ ਲਈ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਹੈ। ਇਸ ਮੁਹਿੰਮ ਤਹਿਤ 23 ਜ਼ਿਲ੍ਹਿਆਂ ਦੇ ਲਗਭਗ 2,000 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ, ਜੇਤੂ ਬੱਚਿਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਖੇਡ ਮੈਦਾਨ ਵਿਕਸਿਤ ਕਰਨ ਦੇ ਨਾਲ-ਨਾਲ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ, ਕਾਉਂਸਲਿੰਗ ਅਤੇ ਪੁਨਰਵਾਸ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਸੂਬੇ ਦੇ 12,997 ਸਕੂਲਾਂ ਅਤੇ 1,475 ਕਾਲਜਾਂ ਵਿੱਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 2,000 ਪਿੰਡਾਂ ਵਿੱਚ ਕਾਉਂਸਲਰਾਂ ਵੱਲੋਂ ਘਰ-ਘਰ ਜਾ ਕੇ ਐੱਚ.ਆਈ.ਵੀ./ਏਡਜ਼ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਰੈਲੀਆਂ, ਫਲੈਸ਼ ਮੌਬ ਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਸਰਕਾਰ ਦਾ ਉਦੇਸ਼ ਐੱਚ.ਆਈ.ਵੀ. ਦੀ ਰੋਕਥਾਮ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ ਐੱਚ.ਆਈ.ਵੀ./ਏਡਜ਼ ਪ੍ਰਤੀ ਆਪਣੇ ਸਾਥੀਆਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਐੱਚ.ਆਈ.ਵੀ. ਦੀ ਰੋਕਥਾਮ ਅਤੇ ਇਲਾਜ ਲਈ 114 ਇੰਟੀਗ੍ਰੇਟਿਡ ਕਾਉਂਸਲਿੰਗ ਐਂਡ ਟੈਸਟਿੰਗ ਸੈਂਟਰ, 27 ਐਂਟੀ-ਰੇਟਰੋਵਾਇਰਲ ਥੈਰੇਪੀ ਸੈਂਟਰ, 31 ਡਿਜ਼ਾਈਨੇਟਿਡ ਐਸ.ਟੀ.ਆਈ./ਆਰ.ਟੀ.ਆਈ. ਕਲੀਨਿਕ, 71 ਟਾਰਗੇਟਿਡ ਇੰਟਰਵੈਂਸ਼ਨ ਪ੍ਰੋਜੈਕਟ, 49 ਓਰਲ ਸਬਸਟੀਚਿਊਸ਼ਨ ਥੈਰੇਪੀ ਸੈਂਟਰ, 36 ਨਸ਼ਾ ਛੁਡਾਊ ਕੇਂਦਰ, 15 ਰੀਹੈਬਿਲੀਟੇਸ਼ਨ ਸੈਂਟਰ ਅਤੇ 548 ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟਰੀਟਮੈਂਟ ਕਲੀਨਿਕਾਂ ਰਾਹੀਂ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਇਸ ਮੌਕੇ ਤੇ ਕੁਮਾਰ ਰਾਹੁਲ ਪ੍ਰਮੁੱਖ ਸਕੱਤਰ, ਸਾਕਸ਼ੀ ਸਾਹਨੀ ਵਿਸ਼ੇਸ਼ ਸਕੱਤਰ, ਨਵਰੀਤ ਸੇਖੋਂ ਏ.ਡੀ. ਸੀ. ਪਟਿਆਲਾ, ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਸੁਨੀਲ ਬਾਂਸਲ ਡਾਇਰੈਕਟਰ ਪੀ. ਐਚ. ਐਸ. ਸੀ., ਡਾ ਅਵਨੀਸ਼ ਸ਼ਰਮਾ ਡੀ. ਆਰ. ਐਮ. ਈ., ਤੇ ਹੋਰ ਅਧਿਕਾਰੀ ਮੌਜੂਦ ਸਨ।