ਰੂਪਨਗਰ, 24 ਅਗਸਤ (ਅਭਿਸ਼ੇਕ ਮੈਨਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਰੂਪਨਗਰ ਹੈੱਡਵਰਕਸ ’ਤੇ ਇਕੱਠੇ ਹੋਏ ਦੂਸ਼ਿਤ ਪਦਾਰਥ ਨੂੰ ਹਟਾਉਣ ਦੀ ਬਜਾਏ ਸਰਹਿੰਦ ਨਹਿਰ ਵਿੱਚ ਛੱਡ ਕੇ ਪੰਜਾਬੀਆਂ ਦੀ ਸਿਹਤ ਨੂੰ ਖਤਰੇ ਵਿੱਚ ਪਾਇਆ ਹੈ। ਹੈੱਡਵਰਕਸ ਦਾ ਦੌਰਾ ਕਰਨ ਮਗਰੋਂ ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ‘ਆਪ’ ਵਿਧਾਇਕ ਨੇ ਦਰਿਆਵਾਂ ਵਿੱਚ ਪੈ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪ੍ਰਚਾਰ ਸਟੰਟ ਕੀਤਾ। ਉਨ੍ਹਾਂ ਕਿਹਾ ਕਿ ਚੱਢਾ ਨੇ ਹੈੱਡਵਰਕਸ ਦੇ ਗੇਟ ਬੰਦ ਕਰਵਾ ਦਿੱਤੇ ਸਨ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕਿਵੇਂ ਬੱਦੀ-ਨਾਲਗੜ੍ਹ ਪੱਟੀ ਵਿੱਚ ਉਦਯੋਗਾਂ ਤੋਂ ਸ਼ੱਕੀ ਉਦਯੋਗਿਕ ਅਤੇ ਰਸਾਇਣਕ ਰਹਿੰਦ-ਖੂੰਹਦ ਦੇ ਵੱਡੇ ਪੱਧਰ 'ਤੇ ਇਕੱਠੇ ਹੋਣ ਨਾਲ ਹੈੱਡਵਰਕਸ ਬੰਦ ਹੋ ਗਏ ਸਨ। ਇਸ ਮਾਮਲੇ ਵਿੱਚ ਵਿਧਾਇਕ ਵੱਲੋਂ ਹਿਮਾਚਲ ਦੀਆਂ ਫੈਕਟਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਸੀ। ਡਾ. ਚੀਮਾ ਨੇ ਦੋਸ਼ ਲਾਇਆ ਕਿ ਸਲੱਜ ਨੂੰ ਵਿਗਿਆਨਕ ਤਰੀਕੇ ਨਾਲ ਸੁਰੱਖਿਅਤ ਕਰਨ, ਇਸ ਦੇ ਨਮੂਨੇ ਲੈਣ ਅਤੇ ਖ਼ਤਰਨਾਕ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਬਜਾਏ ਗੇਟ ਖੋਲ੍ਹ ਕੇ ਇਸ ਨੂੰ ਨਹਿਰ ਵਿੱਚ ਵਹਾ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਸਰਹਿੰਦ ਨਹਿਰ ਵਿੱਚ ਦੂਸ਼ਿਤ ਪਦਾਰਥ ਛੱਡਣ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਇਸ ਤੋਂ ਪਹਿਲਾਂ ਲੋੜੀਂਦੇ ਵਿਗਿਆਨਕ ਨਮੂਨੇ ਕਿਉਂ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਜੇਕਰ ਕਥਿਤ ਤੌਰ ’ਤੇ ਜ਼ਹਿਰੀਲਾ ਉਦਯੋਗਿਕ ਕਚਰਾ ਜਾਣਬੁੱਝ ਕੇ ਨਹਿਰ ਵਿੱਚ ਜਾਣ ਦਿੱਤਾ ਗਿਆ ਹੈ ਤਾਂ ਮਾਮਲੇ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਡਾ. ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਨਤਕ ਤੌਰ ’ਤੇ ਦੱਸਿਆ ਜਾਵੇ ਕਿ ਹੈੱਡਵਰਕਸ ਦੇ ਗੇਟ ਖੋਲ੍ਹਣ ਦੇ ਹੁਕਮ ਕਿਸ ਨੇ ਦਿੱਤੇ ਅਤੇ ਇਸ ਸਬੰਧੀ ਕਿਹੜੇ ਵਿਗਿਆਨਕ ਸੁਰੱਖਿਆ ਮਾਪਦੰਡ ਅਪਣਾਏ ਗਏ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਅਤੇ ਮਾਮਲੇ ਦੀ ਵਿਸ਼ੇਸ਼ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਉਦਯੋਗ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਦਾ ਹੱਕ ਨਹੀਂ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।