ਅੰਮ੍ਰਿਤਸਰ, 19 ਅਗਸਤ (ਹਿੰ.ਸ.) : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੁਲਿਸ ਸਾਂਝ ਕੇਂਦਰ ਜੰਡਿਆਲਾ ਗੁਰੂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ, ਰਿਕਾਰਡ ਅਤੇ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦਾ ਜਾਇਜ਼ਾ ਲਿਆ। ਮੰਤਰੀ ਨੇ ਸਾਂਝ ਕੇਂਦਰ ਵਿੱਚ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਸਬੰਧੀ ਫੀਡਬੈਕ ਵੀ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਦਾ ਮੁੱਖ ਉਦੇਸ਼ ਲੋਕਾਂ ਅਤੇ ਪੁਲਿਸ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਦਿਆਂ ਨਾਗਰਿਕਾਂ ਨੂੰ ਪੁਲਿਸ ਨਾਲ ਸਬੰਧਤ ਸੇਵਾਵਾਂ ਇੱਕ ਸੁਖਾਵੇਂ ਅਤੇ ਲੋਕ-ਪੱਖੀ ਮਾਹੌਲ ਵਿੱਚ ਪ੍ਰਦਾਨ ਕਰਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਰੇਕ ਸੇਵਾ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ। ਸਾਂਝ ਕੇਂਦਰ ਵਿੱਚ ਸ਼ਿਕਾਇਤਾਂ ਦੀ ਪ੍ਰਾਪਤੀ, ਸ਼ਿਕਾਇਤ ’ਤੇ ਹੋਈ ਕਾਰਵਾਈ ਦੀ ਜਾਣਕਾਰੀ, ਐੱਫ. ਆਈ. ਆਰ. ਜਾਂ ਡੀ. ਡੀ. ਆਰ. ਦੀ ਕਾਪੀ, ਵੱਖ-ਵੱਖ ਮਾਮਲਿਆਂ ਵਿੱਚ ਅਨਟਰੇਸਡ ਰਿਪੋਰਟਾਂ, ਲਾਊਡ ਸਪੀਕਰ, ਮੇਲੇ ਜਾਂ ਖੇਡ ਸਮਾਗਮਾਂ ਲਈ ਐੱਨ. ਓ. ਸੀ., ਪੁਰਾਣੇ ਵਾਹਨਾਂ ਸਬੰਧੀ ਐੱਨ. ਓ. ਸੀ. ਸਮੇਤ ਵੀਜ਼ਾ ਪੁਲਿਸ ਕਲੀਅਰੈਂਸ, ਕਰੈਕਟਰ, ਕਿਰਾਏਦਾਰ ਅਤੇ ਕਰਮਚਾਰੀ ਵੈਰੀਫਿਕੇਸ਼ਨ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲਈ ਬਿਨਾਂ ਲੋੜ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਉਨ੍ਹਾਂ ਸਟਾਫ਼ ਨੂੰ ਇਮਾਨਦਾਰੀ, ਜ਼ਿੰਮੇਵਾਰੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਦਾ ਮਕਸਦ ਸਰਕਾਰੀ ਸੇਵਾਵਾਂ ਦੀ ਜ਼ਮੀਨੀ ਪੱਧਰ ’ਤੇ ਕਾਰਗੁਜ਼ਾਰੀ ਦਾ ਜਾਇਜ਼ਾ ਲੈਣਾ ਅਤੇ ਲੋੜ ਅਨੁਸਾਰ ਤੁਰੰਤ ਸੁਧਾਰ ਕਰਨਾ ਹੈ।
ਦੇਰੀ ਜਾਂ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਹਰਭਜਨ ਸਿੰਘ ਈ. ਟੀ. ਓ. ਨੇ ਪੁਲਿਸ ਸਾਂਝ ਕੇਂਦਰ ਜੰਡਿਆਲਾ ਦੀ ਕੀਤੀ ਅਚਨਚੇਤ ਚੈਕਿੰਗ
ਅਜਿਹੀਆਂ ਅਚਨਚੇਤ ਚੈਕਿੰਗਾਂ ਦਾ ਮਕਸਦ ਸਰਕਾਰੀ ਸੇਵਾਵਾਂ ਦੀ ਜ਼ਮੀਨੀ ਪੱਧਰ ’ਤੇ ਕਾਰਗੁਜ਼ਾਰੀ ਦਾ ਜਾਇਜ਼ਾ ਲੈਣਾ ਅਤੇ ਲੋੜ ਅਨੁਸਾਰ ਤੁਰੰਤ ਸੁਧਾਰ ਕਰਨਾ ਹੈ
By :
True Update
,
Kamaljeet Singh Kamal
•