ਵਾਰਾਣਸੀ, 14 ਸਤੰਬਰ (ਹਿੰ.ਸ.) : ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਈਸ ਚਾਂਸਲਰ ਡਾ. ਕੁਲਦੀਪ ਚੰਦ ਅਗਨੀਹੋਤਰੀ ਨੇ ਕਿਹਾ ਕਿ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਵਿਦਵਾਨ ਅਤੇ ਆਪਣੀ ਭਾਸ਼ਾ ਬੋਲਣ ਵਾਲਿਆਂ ਨੂੰ ਘੱਟ ਸਮਝਣ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਦੇਸ਼ ਦੀ ਗਿਆਨ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਵਾਹਕ ਹਨ। ਮਹਾਤਮਾ ਗਾਂਧੀ ਕਾਸ਼ੀ ਵਿਦਿਆਪੀਠ ਵਿੱਚ ਹਿੰਦੀ ਦਿਵਸ ਦੀ ਪੂਰਵ ਸੰਧਿਆ ’ਤੇ ਹਿੰਦੂਸਥਾਨ ਸਮਾਚਾਰ ਵੱਲੋਂ ਕਰਵਾਏ ‘ਭਾਰਤੀ ਭਾਸ਼ਾ ਸਮਾਗਮ-2026’ ਨੂੰ ਸੰਬੋਧਨ ਕਰਦਿਆਂ ਡਾ. ਅਗਨੀਹੋਤਰੀ ਨੇ ਕਿਹਾ ਕਿ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਅਤੇ ਆਧੁਨਿਕ ਗਿਆਨ ਵਿਚਕਾਰ ਇੱਕ ਦੀਵਾਰ ਬਣ ਗਈ ਹੈ। ਇਸ ਨੂੰ ਤੋੜ ਕੇ ਦੋਵਾਂ ਗਿਆਨ ਧਾਰਾਵਾਂ ਨੂੰ ਜੋੜਨਾ ਸਮੇਂ ਦੀ ਲੋੜ ਹੈ। ਭਾਰਤ ਨੇ ਗਣਿਤ, ਰਸਾਇਣ ਵਿਗਿਆਨ, ਦਵਾਈ, ਬਨਸਪਤੀ ਵਿਗਿਆਨ ਅਤੇ ਖਗੋਲ ਵਿਗਿਆਨ ਸਮੇਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਗਿਆਨ ਹਾਸਲ ਕੀਤਾ ਹੈ, ਜਿਸ ਦੀ ਆਧੁਨਿਕ ਸੰਦਰਭ ਵਿੱਚ ਮੁੜ ਪੜਚੋਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਨਾਲ ਜੁੜੀਆਂ ਕਈ ਹੱਥ-ਲਿਖਤਾਂ ਸੰਸਕ੍ਰਿਤ ਵਿੱਚ ਹਨ, ਜਦਕਿ ਆਧੁਨਿਕ ਵਿਸ਼ਿਆਂ ਦੇ ਮਾਹਿਰਾਂ ਨੂੰ ਸੰਸਕ੍ਰਿਤ ਦਾ ਲੋੜੀਂਦਾ ਗਿਆਨ ਨਹੀਂ। ਇਸ ਲਈ ਸੰਸਕ੍ਰਿਤ ਅਤੇ ਵਿਗਿਆਨ ਦੇ ਮਾਹਿਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਯੂਨੀਵਰਸਿਟੀਆਂ ਦੇ ਪਾਠਕ੍ਰਮਾਂ ਵਿੱਚ ਭਾਰਤੀ ਗਿਆਨ ਪਰੰਪਰਾ ਨੂੰ ਸ਼ਾਮਲ ਕਰਨ ਦੇ ਨਾਲ ਹਰ ਵਿਸ਼ੇ ਵਿੱਚ ਭਾਰਤ ਦੀਆਂ ਪੁਰਾਤਨ ਪ੍ਰਾਪਤੀਆਂ ਦੀ ਖੋਜ ਵੀ ਜ਼ਰੂਰੀ ਹੈ। ਡਾ. ਅਗਨੀਹੋਤਰੀ ਨੇ ਕਿਹਾ ਕਿ ਕਾਸ਼ੀ ਸਿਰਫ਼ ਆਸਥਾ ਅਤੇ ਅਧਿਆਤਮਿਕਤਾ ਦਾ ਕੇਂਦਰ ਹੀ ਨਹੀਂ, ਸਗੋਂ ਪ੍ਰਾਚੀਨ ਅਤੇ ਆਧੁਨਿਕ ਗਿਆਨ ਵਿਚਕਾਰ ਪੁਲ ਬਣਾਉਣ ਦਾ ਕੇਂਦਰ ਵੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਤੋਂ ਭਾਰਤੀ ਗਿਆਨ ਪਰੰਪਰਾ ਦੇ ਪੁਨਰਜਾਗਰਣ ਦੀ ਨਵੀਂ ਲਹਿਰ ਪੂਰੇ ਦੇਸ਼ ਤੱਕ ਪਹੁੰਚ ਸਕਦੀ ਹੈ। ਭਾਸ਼ਾਵਾਂ ਦੇ ਮਹੱਤਵ ਬਾਰੇ ਉਨ੍ਹਾਂ ਕਿਹਾ ਕਿ ਭਾਸ਼ਾ ਨਾਲੋਂ ਉਸ ਵਿੱਚ ਕਹੀ ਗਈ ਗੱਲ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਤੁਲਸੀਦਾਸ ਦੀ ਰਾਮਚਰਿਤਮਾਨਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਭਾਸ਼ਾ ਵਿੱਚ ਲਿਖੇ ਇਸ ਗ੍ਰੰਥ ਨੂੰ ਸਮਾਜ ਨੇ ਇਸ ਲਈ ਸਵੀਕਾਰਿਆ ਕਿਉਂਕਿ ਇਸ ਵਿੱਚ ਦਿੱਤੇ ਵਿਚਾਰ ਮਹੱਤਵਪੂਰਨ ਸਨ। ਉਨ੍ਹਾਂ ਕਿਹਾ ਕਿ ਪੰਜਾਬੀ, ਹਿੰਦੀ, ਅਸਾਮੀ, ਬੰਗਾਲੀ, ਤਾਮਿਲ, ਤੇਲਗੂ, ਮਰਾਠੀ ਅਤੇ ਗੁਜਰਾਤੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਰਾਸ਼ਟਰੀ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ।