ਚੰਡੀਗੜ੍ਹ, (ਹਿੰ.ਸ.) ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕੈਂਸਰ ਮਰੀਜ਼ਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ। ਸਟੇਟ ਹੈਲਥ ਏਜੰਸੀ (ਐੱਸਐੱਚਏ) ਵੱਲੋਂ ਜਾਰੀ ਅੰਕੜਿਆਂ ਅਨੁਸਾਰ 18 ਜੁਲਾਈ 2026 ਤੱਕ ਇਸ ਯੋਜਨਾ ਤਹਿਤ 8,069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ 'ਤੇ ਪੰਜਾਬ ਸਰਕਾਰ ਨੇ 20.22 ਕਰੋੜ ਰੁਪਏ ਖਰਚ ਕੀਤੇ ਹਨ। ਅੰਕੜਿਆਂ ਮੁਤਾਬਕ ਸਭ ਤੋਂ ਵੱਧ 4,285 ਮਰੀਜ਼ 36 ਤੋਂ 60 ਸਾਲ ਉਮਰ ਵਰਗ ਦੇ ਹਨ, ਜਦਕਿ 3,376 ਮਰੀਜ਼ 60 ਸਾਲ ਤੋਂ ਵੱਧ, 399 ਮਰੀਜ਼ 17 ਤੋਂ 35 ਸਾਲ ਅਤੇ 9 ਮਰੀਜ਼ 17 ਸਾਲ ਤੋਂ ਘੱਟ ਉਮਰ ਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਕੈਂਸਰ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ, ਸਗੋਂ ਕੰਮਕਾਜੀ ਉਮਰ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਅਤੇ ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ, ਇਮਿਊਨੋਥੈਰੇਪੀ ਅਤੇ ਟਾਰਗੇਟਡ ਥੈਰੇਪੀ ਵਰਗੇ ਇਲਾਜ ਕਈ ਪਰਿਵਾਰਾਂ ਲਈ ਆਰਥਿਕ ਬੋਝ ਬਣ ਜਾਂਦੇ ਹਨ। ਇਸ ਯੋਜਨਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਸਿਆਂ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦਾ ਇਲਾਜ ਨਾ ਰੁਕੇ। ਸਮਾਣਾ ਦੀ ਦਰਸ਼ਨ ਦੇਵੀ ਇਸ ਯੋਜਨਾ ਦੀ ਲਾਭਪਾਤਰੀਆਂ ਵਿੱਚੋਂ ਇੱਕ ਹਨ। ਕੈਂਸਰ ਦੀ ਸਰਜਰੀ ਲਈ ਉਨ੍ਹਾਂ ਦੇ ਪਰਿਵਾਰ ਨੂੰ 4 ਤੋਂ 5 ਲੱਖ ਰੁਪਏ ਦੇ ਖਰਚ ਦੀ ਚਿੰਤਾ ਸੀ, ਪਰ ਯੋਜਨਾ ਤਹਿਤ ਉਨ੍ਹਾਂ ਦਾ ਪੂਰਾ ਇਲਾਜ ਬਿਨਾਂ ਕਿਸੇ ਖਰਚ ਦੇ ਕੀਤਾ ਗਿਆ। ਮਹੀਨਾਵਾਰ ਅੰਕੜਿਆਂ ਅਨੁਸਾਰ ਜਨਵਰੀ ਵਿੱਚ 842, ਫਰਵਰੀ ਵਿੱਚ 1,080, ਮਾਰਚ ਵਿੱਚ 1,175, ਅਪ੍ਰੈਲ ਵਿੱਚ 1,350, ਮਈ ਵਿੱਚ 1,275 ਅਤੇ ਜੂਨ ਵਿੱਚ ਸਭ ਤੋਂ ਵੱਧ 1,468 ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜੁਲਾਈ ਦੇ ਪਹਿਲੇ 18 ਦਿਨਾਂ ਵਿੱਚ ਹੀ 879 ਮਰੀਜ਼ ਇਸ ਯੋਜਨਾ ਦਾ ਲਾਭ ਲੈ ਚੁੱਕੇ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਟੀਚਾ ਇਹ ਹੈ ਕਿ ਆਰਥਿਕ ਤੰਗੀ ਕਿਸੇ ਵੀ ਕੈਂਸਰ ਮਰੀਜ਼ ਦੇ ਇਲਾਜ ਵਿੱਚ ਰੁਕਾਵਟ ਨਾ ਬਣੇ। ਉਨ੍ਹਾਂ ਲੋਕਾਂ ਨੂੰ ਸਰੀਰ ਵਿੱਚ ਗੰਢ, ਬਿਨਾਂ ਕਾਰਨ ਭਾਰ ਘਟਣਾ, ਲਗਾਤਾਰ ਖੰਘ, ਅਸਧਾਰਨ ਖੂਨ ਵਗਣਾ ਜਾਂ ਹੋਰ ਸ਼ੱਕੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ। 8 ਜਨਵਰੀ 2026 ਨੂੰ ਸ਼ੁਰੂ ਹੋਈ ਇਸ ਯੋਜਨਾ ਤਹਿਤ ਹੁਣ ਤੱਕ 2.68 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਇਲਾਜ ਮਿਲ ਚੁੱਕਾ ਹੈ ਅਤੇ 950.35 ਕਰੋੜ ਰੁਪਏ ਤੋਂ ਵੱਧ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੋਇਆ ਮੁਫ਼ਤ ਇਲਾਜ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 8 ਹਜ਼ਾਰ ਤੋਂ ਵੱਧ ਕੈਂਸਰ ਮਰੀਜ਼ਾਂ ਦਾ ਹੋਇਆ ਮੁਫ਼ਤ ਇਲਾਜ: ਮੰਤਰੀ ਡਾ. ਬਲਬੀਰ ਸਿੰਘ
ਸਟੇਟ ਹੈਲਥ ਏਜੰਸੀ (ਐੱਸਐੱਚਏ) ਵੱਲੋਂ ਜਾਰੀ ਅੰਕੜਿਆਂ ਅਨੁਸਾਰ 18 ਜੁਲਾਈ 2026 ਤੱਕ ਇਸ ਯੋਜਨਾ ਤਹਿਤ 8,069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ
By :
True Update
,
Harmanjot Singh
•