ਨਿਊਰੋਲੌਜੀਕਲ ਵਾਲੇ ਮਰੀਜ਼ਾਂ ਨੂੰ ਮਿਲੇਗਾ ਇਸ ਦਾ ਵੱਧ ਲਾਭ

ਪੀ.ਜੀ.ਆਈ. ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

ਹੁਣ ਨਿਊਰੋ ਮਰੀਜ਼ਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਕਿਸੇ ਹੋਰ ਵਿਭਾਗ ਜਾਂ ਸੈਂਟਰ ’ਚ ਲਿਜਾਣ ਦੀ ਲੋੜ ਨਹੀਂ  ਪਵੇਗੀ

By : True Update , Sukhwinder Kaur
ਪੀ.ਜੀ.ਆਈ. ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

ਚੰਡੀਗੜ੍ਹ, 12 ਸਤੰਬਰ (ਹਿੰ.ਸ.) : ਪੀ.ਜੀ.ਆਈ. ਚੰਡੀਗੜ੍ਹ ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ਵਿੱਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਇਸ ਨਾਲ ਹੁਣ ਨਿਊਰੋ ਮਰੀਜ਼ਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਕਿਸੇ ਹੋਰ ਵਿਭਾਗ ਜਾਂ ਸੈਂਟਰ ਵਿੱਚ ਲਿਜਾਣ ਦੀ ਲੋੜ ਨਹੀਂ ਪਵੇਗੀ। ਖ਼ਾਸ ਤੌਰ ’ਤੇ ਗੰਭੀਰ ਅਤੇ ਐਮਰਜੈਂਸੀ ਮਰੀਜ਼ਾਂ ਦੀ ਜਾਂਚ ਵਿੱਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ ਅਤੇ ਰਿਪੋਰਟ ਮਿਲਣ ਤੋਂ ਬਾਅਦ ਇਲਾਜ ਵੀ ਜਲਦੀ ਸ਼ੁਰੂ ਕੀਤਾ ਜਾ ਸਕੇਗਾ। ਇਸ ਸਹੂਲਤ ਦਾ ਸਭ ਤੋਂ ਵੱਧ ਲਾਭ ਸਿਰ ’ਤੇ ਸੱਟ, ਦਿਮਾਗ ਵਿੱਚ ਖੂਨ ਵਹਿਣ, ਸਟ੍ਰੋਕ, ਟਿਊਮਰ ਅਤੇ ਹੋਰ ਗੰਭੀਰ ਨਿਊਰੋਲੌਜੀਕਲ ਮਾਮਲਿਆਂ ਵਾਲੇ ਮਰੀਜ਼ਾਂ ਨੂੰ ਮਿਲੇਗਾ। ਮਰੀਜ਼ ਦੀ ਜਾਂਚ ਰਿਪੋਰਟ ਉਸੇ ਸੈਂਟਰ ਵਿੱਚ ਉਪਲਬਧ ਹੋਣ ਕਾਰਨ ਡਾਕਟਰਾਂ ਲਈ ਇਲਾਜ ਸਬੰਧੀ ਫ਼ੈਸਲਾ ਲੈਣਾ ਵੀ ਆਸਾਨ ਅਤੇ ਤੇਜ਼ ਹੋਵੇਗਾ। ਪੀ.ਜੀ.ਆਈ. ਵਿੱਚ ਨਿਊਰੋ ਮਰੀਜ਼ਾਂ ਨੂੰ ਸੀਟੀ ਸਕੈਨ ਲਈ ਦੂਜੇ ਸੈਂਟਰ ਜਾਂ ਵਿਭਾਗ ਵਿੱਚ ਲਿਜਾਣਾ ਪੈਂਦਾ ਸੀ। ਇਸ ਕਾਰਨ ਖ਼ਾਸ ਕਰਕੇ ਗੰਭੀਰ ਮਰੀਜ਼ਾਂ ਦੀ ਜਾਂਚ ਵਿੱਚ ਵਾਧੂ ਸਮਾਂ ਲੱਗਦਾ ਸੀ। ਪੀ.ਜੀ.ਆਈ. ਪ੍ਰਸ਼ਾਸਨ ਵੱਲੋਂ ਐਡਵਾਂਸਡ ਨਿਊਰੋ ਸਾਇੰਸ ਸੈਂਟਰ ਵਿੱਚ ਸੀਟੀ ਸਕੈਨ ਅਤੇ ਐਮ.ਆਰ.ਆਈ. ਸਮੇਤ ਹੋਰ ਜਾਂਚ ਸਹੂਲਤਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ। ਹੁਣ ਸੀਟੀ ਸਕੈਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਐਡਵਾਂਸਡ ਨਿਊਰੋ ਸਾਇੰਸ ਸੈਂਟਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਸ ਮੌਕੇ ਪੀ.ਜੀ.ਆਈ. ਵਿੱਚ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਦੇ ਨਾਲ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਵੀ ਉਦਘਾਟਨ ਕੀਤਾ ਗਿਆ ਸੀ। ਇਸੇ ਦੌਰਾਨ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। 300 ਬਿਸਤਰਿਆਂ ਵਾਲੇ ਇਸ ਸੈਂਟਰ ਵਿੱਚ ਨਿਊਰੋਲੌਜੀ, ਨਿਊਰੋਸਰਜਰੀ, ਨਿਊਰੋ-ਕ੍ਰਿਟੀਕਲ ਕੇਅਰ ਅਤੇ ਆਧੁਨਿਕ ਜਾਂਚ ਸਹੂਲਤਾਂ ਇੱਕੋ ਥਾਂ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਗੰਭੀਰ ਨਿਊਰੋ ਮਰੀਜ਼ਾਂ ਨੂੰ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਹੈ। ਸੀਟੀ ਸਕੈਨ ਲਈ ਮਰੀਜ਼ਾਂ ਨੂੰ ਦੂਜੇ ਵਿਭਾਗ ਜਾਂ ਸੈਂਟਰ ਵਿੱਚ ਲਿਜਾਣ ਦੀ ਲੋੜ ਖ਼ਤਮ ਹੋਣ ਨਾਲ ਡਾਕਟਰਾਂ ਦੇ ਨਾਲ-ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਰਾਹਤ ਮਿਲੇਗੀ। ਖ਼ਾਸ ਤੌਰ ’ਤੇ ਐਮਰਜੈਂਸੀ ਮਾਮਲਿਆਂ ਵਿੱਚ ਜਾਂਚ ਅਤੇ ਇਲਾਜ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਇੱਕੋ ਸੈਂਟਰ ਵਿੱਚ ਜਾਂਚ ਦੀ ਸਹੂਲਤ ਮਿਲਣ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਗੰਭੀਰ ਮਰੀਜ਼ਾਂ ਨੂੰ ਬੇਲੋੜੀ ਆਵਾਜਾਈ ਦੀ ਪ੍ਰੇਸ਼ਾਨੀ ਤੋਂ ਵੀ ਬਚਾਇਆ ਜਾ ਸਕੇਗਾ।