ਚੰਡੀਗੜ੍ਹ, 14 ਅਗਸਤ (ਹਿੰ.ਸ.) ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਰਾਤ ਅੰਬਾਲਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਬੇਰਹਿਮੀ ਦੀ ਅੱਜ ਸਖ਼ਤ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਪ੍ਰਦਰਸ਼ਨਕਾਰੀ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਨੇ ਲੋਕਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਵੜਿੰਗ ਨੇ ਬਿਆਨ ਜਾਰੀ ਰੱਖਦੇ ਕਿਹਾ ਕਿ ਲੋਕ ਅੰਬਾਲਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਅਤੇ ਹਰਿਆਣਾ ਪੁਲਿਸ ਵੱਲੋਂ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਪੀਸੀਸੀ ਪ੍ਰਧਾਨ ਨੇ ਇਸ ਪੂਰੇ ਮਾਮਲੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਚੁੱਪੀ ’ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੈਣੀ ਨੂੰ ਇਸ ਪੂਰੀ ਘਟਨਾ ਬਾਰੇ ਸਿੱਖਾਂ ਅਤੇ ਪੰਜਾਬੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਸੈਣੀ ਨੂੰ ਯਾਦ ਕਰਵਾਇਆ ਕਿ ਉਹ ਅਕਸਰ ਪੰਜਾਬ ਆਉਂਦੇ ਹਨ, ਜਿੱਥੇ ਉਨ੍ਹਾਂ ਦਾ ਸਿੱਖੀ ਭਾਵਨਾ ਅਤੇ ਪੰਜਾਬੀ ਪਰੰਪਰਾ ਅਨੁਸਾਰ ਪੂਰੇ ਸਤਿਕਾਰ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ, ਜਿਹੜੇ ਲੋਕ ਅੱਜ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਤੁਹਾਡੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਇਹ ਨਾ ਭੁੱਲੋ ਕਿ ਇਹੀ ਲੋਕ ਤੁਹਾਡਾ ਪੰਜਾਬ ਵਿੱਚ ਗਰਮਜੋਸ਼ੀ ਨਾਲ ਸਵਾਗਤ ਕਰਦੇ ਰਹੇ ਹਨ। ਇਸ ਮਾਮਲੇ ਵਿੱਚ ਮੁੱਖ ਭੜਕਾਊ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਲੁਧਿਆਣਾ ਨਾਲ ਸਬੰਧਤ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਦੇਣਾ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਹਰਿਆਣਾ ਸਰਕਾਰ ਨੂੰ ਸਮੇਂ ਸਿਰ ਸੂਝ-ਬੂਝ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬੇਰਹਿਮ ਤਾਕਤ ਦੀ ਵਰਤੋਂ ਤੁਰੰਤ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਤੋਂ ਦੋਵੇਂ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਵਾਪਸ ਲੈਣ ਦੀ ਵੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਿਉਂ ਕੀਤਾ ਗਿਆ
ਵੜਿੰਗ ਵੱਲੋਂ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਹਰਿਆਣਾ ਪੁਲਿਸ ਦੀ ਬੇਰਹਿਮੀ ਦੀ ਨਿੰਦਾ
ਪ੍ਰਦਰਸ਼ਨਕਾਰੀ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ
By :
True Update
,
Harpreet Singh
•
ਟੈਗਸ:
peaceful protest
Haryana police violence
arbitrary arrests
Punjab Haryana clash
lathi charge
peaceful protesters Ambala
Chief Minister response
ਮੁੱਖ ਖ਼ਬਰਾਂ
ਬਠਿੰਡਾ 'ਚ ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ, ਬਰਨਾਲਾ ਲਾਠੀਚਾਰਜ ਦੇ ਵਿਰੋਧ 'ਚ ਕੰਮਕਾਜ ਠੱਪ
ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।