ਚੰਡੀਗੜ੍ਹ, 17 ਅਗਸਤ (ਹਿੰ.ਸ.) 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ ਅਤੇ ਹੋਰ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਗਏ ਇਕੱਠ ਅਤੇ ਮਾਰਚ ਦੌਰਾਨ ਕਾਨੂੰਨ-ਵਿਵਸਥਾ ਭੰਗ ਕਰਨ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿੱਚ ਚਾਰ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਵੱਲੋਂ ਦੇਰ ਰਾਤ ਜਾਰੀ ਕੀਤੀ ਜਾਣਕਾਰੀ ਮੁਤਾਬਕ ਥਾਣਾ ਨਾਰਥ, ਚੰਡੀਗੜ੍ਹ ਵਿੱਚ ਐਫਆਈਆਰਨੰਬਰ 97, ਮਿਤੀ 15 ਅਗਸਤ 2026, ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਦਰਜ ਕੀਤੀ ਗਈ। ਇਹ ਮਾਮਲਾ ਪੰਜਾਬ ਲੋਕ ਭਵਨ, ਸੈਕਟਰ-6 ਨੇੜੇ ਕੌਮੀ ਇਨਸਾਫ਼ ਮੋਰਚਾ ਅਤੇ ਹੋਰ ਜਥੇਬੰਦੀਆਂ ਦੇ ਇਕੱਠ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਨਾਰਥ ਵਿੱਚ ਹੀ ਐਫਆਈਆਰਨੰਬਰ 96 ਤਹਿਤ ਚਾਰ ਵਿਅਕਤੀਆਂ ਸਿਮਰਨਜੀਤ ਸਿੰਘ ਮਾਨ, ਦਪਿੰਦਰ ਪ੍ਰਤਾਪ ਸਿੰਘ, ਗੋਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹੀਰਾ ਸਿੰਘ ਚੌਕ ਵਿਖੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ ਨਾਲ ਸਬੰਧਤ ਹੈ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਪੁਲਿਸ ਦੀ ਡਿਊਟੀ ਵਿੱਚ ਰੁਕਾਵਟ ਪਾਈ। ਪੁਲਿਸ ਨੇ ਦੋਸ਼ ਲਗਾਇਆ ਕਿ ਸਿਮਰਨਜੀਤ ਸਿੰਘ ਮਾਨ ਨੇ ਮਰੀਜ਼ ਦਾ ਭੇਸ ਬਣਾ ਕੇ ਐਂਬੂਲੈਂਸ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਥਾਣਾ ਸੈਕਟਰ-36 ਵਿੱਚ ਐਫਆਈਆਰ ਨੰਬਰ 137 ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ 15 ਅਗਸਤ ਨੂੰ ਸੈਕਟਰ-51/52 ਦੀ ਡਿਵਾਈਡਿੰਗ ਰੋਡ ’ਤੇ ਮਟੌਰ ਬੈਰੀਅਰ ਨੇੜੇ ਕੌਮੀ ਇਨਸਾਫ਼ ਮੋਰਚੇ ਅਤੇ ਹੋਰ ਜਥੇਬੰਦੀਆਂ ਦਾ ਵੱਡਾ ਇਕੱਠ ਹੋਇਆ। ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕੀਤੀ ਅਤੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਲਈ ਪੁਲਿਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੋਲ ਤਲਵਾਰਾਂ, ਕੁਹਾੜੀਆਂ, ਬਰਛੇ ਅਤੇ ਹੋਰ ਹਥਿਆਰ ਵੀ ਸਨ। ਇਸ ਮਾਮਲੇ ਵਿੱਚ ਬਾਪੂ ਗੁਰਚਰਨ ਸਿੰਘ, ਗੁਰਦੀਪ ਬਠਿੰਡਾ, ਸੁਖਜਿੰਦਰ ਸਿੰਘ ਖੋਸਾ, ਸੁਖ ਗਿੱਲ ਮੋਗਾ, ਪਾਲ ਸਿੰਘ ਫਰਾਂਸ, ਬਾਬਾ ਰਾਜਾ ਰਾਜ ਸਿੰਘ, ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਫੂਲ, ਭਾਨਾ ਸਿੱਧੂ, ਬਲਜੀਤ ਸਿੰਘ ਖਾਲਸਾ, ਲੱਖਾ ਸਿਧਾਣਾ, ਅਮਿਤੋਜ਼ ਮਾਨ ਅਤੇ ਨਵਦੀਪ ਜਲੇਬੜਾ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਚੌਥਾ ਮਾਮਲਾ ਥਾਣਾ ਈਸਟ, ਸੈਕਟਰ-26 ਵਿੱਚ ਐਫਆਈਆਰਨੰਬਰ 106 ਤਹਿਤ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਸੈਕਟਰ-7/8 ਦੀ ਡਿਵਾਈਡਿੰਗ ਰੋਡ ’ਤੇ ਸ਼ੱਕੀ ਵਾਹਨਾਂ ਦੀ ਜਾਂਚ ਦੌਰਾਨ ਕੀਆ ਅਤੇ ਇਨੋਵਾ ਵਿੱਚ 9 ਵਿਅਕਤੀ ਮਿਲੇ। ਤਲਾਸ਼ੀ ਦੌਰਾਨ ਦੋਵਾਂ ਵਾਹਨਾਂ ਵਿੱਚੋਂ ਕੁੱਲ 4 ਤਲਵਾਰਾਂ ਬਰਾਮਦ ਹੋਈਆਂ। ਪੁਲਿਸ ਨੇ ਦੋਵੇਂ ਵਾਹਨ ਅਤੇ ਹਥਿਆਰ ਕਬਜ਼ੇ ਵਿੱਚ ਲੈ ਲਏ।
ਕਾਨੂੰਨ-ਵਿਵਸਥਾ ਭੰਗ ਕਰਨ ਦੇ ਦੋਸ਼ ਤਹਿਤ
ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਚਾਰ ਮਾਮਲੇ ਦਰਜ
ਚੰਡੀਗੜ੍ਹ ਵਿੱਚ ਕੀਤੇ ਗਏ ਇਕੱਠ ਅਤੇ ਮਾਰਚ ਦੌਰਾਨ ਕਾਨੂੰਨ-ਵਿਵਸਥਾ ਭੰਗ ਕਰਨ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿੱਚ ਚਾਰ ਮਾਮਲਿਆਂ ਵਿੱਚ ਹੁਣ ਤੱਕ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
By :
True Update
,
Sukhwinder Kaur
•