ਪੰਜਾਬ 'ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ

ਮੋਹਾਲੀ ’ਚ 13 ਲੱਖ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਲੋਕਾਂ ਨੂੰ ਸਮਰਪਿਤ

ਪੰਜਾਬ ’ਚ ਕਰੀਬ 3100 ਖੇਡ ਸਟੇਡੀਅਮ ਬਣ ਰਹੇ, ਐੱਸ.ਏ.ਐੱਸ. ਨਗਰ ਹਲਕੇ ’ਚ 32 ਸਟੇਡੀਅਮ ਨਿਰਮਾਣ ਅਧੀਨ : ਕੁਲਵੰਤ ਸਿੰਘ

By : True Update , Harmanjot Singh
ਮੋਹਾਲੀ ’ਚ 13 ਲੱਖ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਲੋਕਾਂ ਨੂੰ ਸਮਰਪਿਤ

ਮੋਹਾਲੀ, 15 ਸਤੰਬਰ (ਟਰੂ ਅੱਪਡੇਟ) : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੂਬੇ ਵਿੱਚ 3100 ਦੇ ਕਰੀਬ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਦਕਿ ਵਿਧਾਨ ਸਭਾ ਹਲਕਾ ਐੱਸ.ਏ.ਐੱਸ. ਨਗਰ ਵਿੱਚ 32 ਖੇਡ ਸਟੇਡੀਅਮ ਨਿਰਮਾਣ ਅਧੀਨ ਹਨ, ਜਿਨ੍ਹਾਂ ਵਿੱਚੋਂ ਕਈ ਮੁਕੰਮਲ ਹੋ ਚੁੱਕੇ ਹਨ। ਇਹ ਜਾਣਕਾਰੀ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਵਾਰਡ ਨੰਬਰ 6 ਵਿਖੇ ਮੋਹਾਲੀ ਨਗਰ ਨਿਗਮ ਵੱਲੋਂ ਲਗਭਗ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਦਿੱਤੀ। ਇਹ ਪ੍ਰਾਜੈਕਟ ਵਾਰਡ ਵਾਸੀਆਂ ਦੀ ਮੰਗ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਤੇ ਕੌਂਸਲਰ ਡਾ. ਸਨੀ ਆਹਲੂਵਾਲੀਆ ਦੇ ਯਤਨਾਂ ਸਦਕਾ ਮੁਕੰਮਲ ਹੋਇਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲੈ ਕੇ ਜਾਣਾ ਹੈ। ਖੇਡ ਸਹੂਲਤਾਂ ਵਿੱਚ ਵਾਧੇ ਨਾਲ ਨੌਜਵਾਨ ਨਾ ਸਿਰਫ਼ ਤੰਦਰੁਸਤ ਰਹਿਣਗੇ, ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ‘ਮੁੱਖ ਮੰਤਰੀ ਯੋਗਸ਼ਾਲਾ’ ਤਹਿਤ ਯੋਗਾ ਕਲਾਸਾਂ ਅਤੇ ਵੱਖ-ਵੱਖ ਪੱਧਰਾਂ ’ਤੇ ਖੇਡ ਮੇਲੇ ਵੀ ਕਰਵਾਏ ਜਾ ਰਹੇ ਹਨ। ਵਿਧਾਇਕ ਨੇ ਡਾ. ਸਨੀ ਆਹਲੂਵਾਲੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੈਡਮਿੰਟਨ ਕੋਰਟ ਦੀ ਸਹੂਲਤ ਨਾਲ ਇਲਾਕੇ ਦੇ ਖਿਡਾਰੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ। ਡਾ. ਆਹਲੂਵਾਲੀਆ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਇਹ ਕੋਰਟ ਤਿਆਰ ਕੀਤਾ ਗਿਆ ਹੈ, ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।